ਨਸ਼ਿਆਂ ਦੀ ਸਮੱਸਿਆ
ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ
ਹਰਕੀਰਤ ਸਿੰਘ ਅਜਨੋਹਾ
ਨਸ਼ਿਆਂ ਦੀ ਸਮੱਸਿਆ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥
ਸੰਗਤ ਜੀਉ, ਪਿਛਲੇ ਅੰਕ ਵਿੱਚ ਸਿੱਖ ਕੌਮ ਨੂੰ ਦਰਪੇਸ਼ ਡੇਰਾਵਾਦ ਦੀ ਸਮੱਸਿਆ ਬਾਰੇ ਆਪ ਜੀ ਨਾਲ ਵੀਚਾਰ ਸਾਂਝੇ ਕੀਤੇ ਸਨ।ਸਿੱਖ ਕੌਮ ਨੂੰ ਜਿਹੜੀ ਹੋਰ ਵੱਡੀ ਚੁਣੌਤੀ ਹੈ, ਉਹ ਹੈ ਨਸ਼ਿਆਂ ਦੀ ਸਮੱਸਿਆ। ਆਪਾਂ ਸਭ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਜਾਲ ਨੇ ਸਿੱਖ ਨੌਜਵਾਨੀ ਨੂੰ ਕਿਸ ਹੱਦ ਤੱਕ ਫਸਾ ਲਿਆ ਹੈ। ਹਰ ਕੋਈ ਉੱਥੇ ਨਸ਼ਿਆਂ ਦਾ ਆਦੀ ਹੋ ਗਿਆ ਜਾਪਦਾ ਹੈ।ਨਸ਼ਿਆਂ ਦਾ ਸੇਵਨ ਨਾ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਗਿਣਵੀਂ ਹੀ ਰਹਿ ਗਈ ਹੈ। ਇੱਕ ਰਿਪੋਰਟ ਦੇ ਅਨੁਸਾਰ ਪੰਜਾਬ ਦੇ ਨੌਜਵਾਨਾਂ ਵਿੱਚੋਂ 85-90 ਪ੍ਰਤੀਸ਼ਤ ਨਸ਼ਿਆਂ ਦੇ ਵਿੱਚ ਡੁੱਬ ਚੁੱਕੇ ਹਨ ਜਿਨ੍ਹਾਂ ਵਿੱਚੋਂ 38 ਪ੍ਰਤੀਸ਼ਤ ਅਜਿਹੇ ਹਨ ਜਿਹੜੇ ਅਜੇ ਤੱਕ ਸਕੂਲਾਂ ਵਿੱਚ ਪੜ੍ਹਦੇ ਹਨ। 20 ਪ੍ਰਤੀਸ਼ਤ ਅਜਿਹੇ ਹਨ ਜਿਹੜੇ ਅਜੇ 16 ਸਾਲ ਦੀ ਉਮਰ ਵੀ ਨਹੀਂ ਟੱਪੇ।ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਹਾਲਾਤ ਕਿੰਨੇ ਵਿਗੜ ਚੁੱਕੇ ਹਨ।
ਗੁਰਬਾਣੀ ਅਨੁਸਾਰ:
ਬਾਬਾ ਹੋਰ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥1॥ਰਹਾਉ॥
ਗੁਰੂ ਸਾਹਿਬ ਜੀ ਫੁਰਮਾਨ ਕਰਦੇ ਹਨ ਕਿ ਸਾਨੂੰ ਕਿਸੇ ਐਸੀ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ ਜਿਸ ਨਾਲ ਸਾਡਾ ਸਰੀਰ ਖਰਾਬ ਹੋਵੇ,ਜਿਸ ਨਾਲ ਸਰੀਰਕ ਕਿਰਿਆਵਾਂ ਦੇ ਚੱਲਣ ਵਿੱਚ ਰੁਕਾਵਟ ਆਵੇ, ਸਰੀਰ ਨੂੰ ਬੀਮਾਰੀਆਂ ਲੱਗਣ ਅਤੇ ਜਿਸ ਨਾਲ ਆਪਣੀ ਸੋਚ ਤੇ ਕਾਬੂ ਨਾ ਰਹੇ ਅਤੇ ਮਨ ਵਿੱਚ ਵਿਕਾਰ ਚੱਲਣ।
ਅਜਿਹਾ ਸਭ ਕੁਝ ਨਸ਼ਿਆਂ ਨਾਲ ਹੁੰਦਾ ਹੈ ਅਤੇ ਗੁਰੂ ਸਾਹਿਬ ਜੀ ਸਮੂਹ ਲੋਕਾਈ ਨੂੰ ਨਸ਼ਾ ਕਰਨ ਤੋਂ ਰੋਕਦੇ ਹਨ। ਹਰ ਸਿੱਖ ਨੂੰ ਤਾਂ ਨਸ਼ਾ ਸੇਵਨ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਲਾਉਂਦੇ ਹਨ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਵਾਰ ਨਸ਼ੇ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ ਹੈ ਅਤੇ ਹਰੇਕ ਨੂੰ ਨਸ਼ੇ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ।ਭਗਤ ਰਵਿਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਹਿੰਦੇ ਹਨ:
ਸੁਰਸਰੀ ਸਰਲ ਕਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨ॥
ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨ॥1॥
ਭਗਤ ਰਵਿਦਾਸ ਜੀ ਸਭ ਜੀਵਾਂ ਨੂੰ ਇਹ ਉਪਦੇਸ਼ ਦਿੰਦੇ ਹਨ ਕਿ ਜੇਕਰ ਸ਼ਰਾਬ ਗੰਗਾ ਦੇ ਪਾਣੀ ਦੀ ਵੀ ਬਣੀ ਹੋਵੇ ਤਾਂ ਵੀ ਇਸ ਨੂੰ ਪੀਣਾ ਨਹੀਂ ਚਾਹੀਦਾ।ਹਿੰਦੂ ਧਰਮ ਦੇ ਲੋਕ ਗੰਗਾ ਦੇ ਪਾਣੀ ਬਹੁਤ ਪਵਿੱਤਰ ਮੰਨਦੇ ਹਨ ਅਤੇ ਭਗਤ ਜੀ ਗੁਰਬਾਣੀ ਵਿੱਚ ਇਹ ਹੀ ਸੰਦੇਸ਼ ਦਿੰਦੇ ਹਨ ਕਿ ਜੇਕਰ ਕੋਈ ਕਹੇ ਕਿ ਸ਼ਰਾਬ ਬਹੁਤ ਪਵਿੱਤਰ ਹੈ ਕਿਉਂ ਕਿ ਇਹ ਗੰਗਾ ਦੇ ਪਵਿੱਤਰ ਪਾਣੀ ਤੋਂ ਬਣੀ ਹੋਈ ਹੈ ਤਾਂ ਵੀ ਇਸ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ।
ਪਰ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆਂ ਦਾ ਇਨੰਾ ਮਾੜਾ ਹਾਲ ਹੈ ਕਿ ਉਹ ਸ਼ਰਾਬ ਦਾ ਸੇਵਨ ਸਭ ਤੋਂ ਵੱਧ ਕਰ ਰਹੇ ਹਨ ।ਸਿੱਖਾਂ ਦੇ ਸਰਬ ਉੱਚ ਅਸਥਾਨ ਵਾਲੇ ਸ਼ਹਿਰ, ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇੱਕ ਦਿਨ ਵਿੱਚ 1 ਕਰੋੜ ਰੁਪਏ ਦੀ ਸ਼ਰਾਬ ਵਿੱਕ ਰਹੀ ਹੈ।ਗੁਰੂ ਸਾਹਿਬ ਜੀ ਨੇ ਇੰਨਾ ਜੋਰ ਦੇ ਕੇ ਸ਼ਰਾਬ ਅਤੇ ਹੋਰ ਬਾਕੀ ਨਸ਼ਿਆਂ ਤੋਂ ਦੂਰ ਰਹਿਣ ਲਈ ਉਪਦੇਸ਼ ਦਿੱਤਾ ਸੀ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਿੱਖ ਆਪ ਹੀ ਇਨ੍ਹਾਂ ਨਸ਼ਿਆਂ ਵਿੱਚ ਦਿਨ ਬ ਦਿਨ ਡੁੱਬਦੇ ਜਾ ਰਹੇ ਹਨ।ਜਿਹੜੇ ਸਿੱਖਾਂ ਨੇ ਗੁਰੂ ਸਾਹਿਬ ਜੀ ਦੀ ਬਾਣੀ ਅਤੇ ਬਖਸ਼ੀ ਹੋਈ ਰਹਿਤ ਨੂੰ ਸਾਰੀ ਦੁਨੀਆਂ ਵਿੱਚ ਪਹੁੰਚਾਉਣਾ ਸੀ ਉਹ ਆਪ ਹੀ ਇਸ ਤੋਂ ਦੂਰ ਹੁੰਦੇ ਜਾ ਰਹੇ ਹਨ।
ਪੰਜਾਬ ਵਿੱਚ ਨਸ਼ੇ ਪਹਿਲਾਂ ਵੀ ਮੌਜੂਦ ਸਨ ।ਸ਼ਰਾਬ, ਭੰਗ, ਅਫੀਮ ਅਤੇ ਤੰਬਾਕੂ ਪਹਿਲਾਂ ਵੀ ਮੌਜੂਦ ਸਨ ਪਰ ਇਨ੍ਹਾਂ ਦਾ ਸੇਵਨ ਸਿਰਫ ਅਮਲੀ ਕਿਸਮ ਦੇ ਬੰਦੇ ਹੀ ਕਰਦੇ ਸਨ ਅਤੇ ਉਨਹਾਂ ਨੂੰ ਸਮਾਜ ਵਿੱਚ ਵਧੀਆ ਨਹੀਂ ਸੀ ਸਮਝਿਆ ਜਾਂਦਾ।ਪਰ ਹੁਣ ਤਾਂ ਨਸ਼ਿਆਂ ਦੀ ਹਨੇਰੀ ਹੀ ਵੱਗ ਤੁਰੀ ਹੈ।ਹੁਣ ਤਾਂ ਨਸ਼ਿਆਂ ਦਾ ਕੋਈ ਅੰਤ ਨਹੀਂ।ਕਈ ਪ੍ਰਕਾਰ ਦੇ ਨਸ਼ੇ ਜਿਹੜੇ ਇਸ ਵੇਲੇ ਪ੍ਰਚੱਲਤ ਹਨ,ਉਹ ਇਸ ਪ੍ਰਕਾਰ ਹਨ:
1. ਸ਼ਰਾਬ, 2. ਭੰਗ, 3. ਸਿਗਰੇਟ,ਬੀੜੀ, ਤੰਬਾਕੂ ਆਦਿ, 4. ਅਫੀਮ, 5. ਪੋਸਤ, 6. ਹੈਰੋਇਨ, 7. ਪੈਟਰੋਲ, 8. ਕਿਰਲੀ, 8. ਭਾਂਤ ਭਾਂਤ ਦੀਆਂ ਨਸ਼ੀਲੀਆਂ ਗੋਲੀਆਂ, 9. ਆਈਉਡੈਕਸ, 10. ਬਾਲਮ ਅਤੇ ਕਰੈਕਸ਼ਨ ਫਲੂਇਡ
ਨਸ਼ਾ ਕਰਨ ਲਈ ਕੋਈ ਸਿਰ ਤੇ ਬਾਲਮ ਤੇ ਆਈਉਡੈਕਸ ਚੋਪੜਦਾ ਹੈ, ਕੋਈ ਪੈਟਰੋਲ ਸੁੰਘਦਾ ਹੈ, ਕੋਈ ਭੰਗ ਮਲੀ ਜਾ ਰਿਹਾ ਹੈ, ਕੋਈ ਕਰੈਕਸ਼ਨ ਫਲੂਇਡ ਅਤੇ ਕੋਈ ਨਸ਼ੇ ਦੀਆਂ ਗੋਲੀਆਂ ਅੰਨੇਵਾਹ ਛਕੀ ਜਾ ਰਿਹਾ ਹੈ। ਸਮਝ ਨਹੀਂ ਆਉਂਦੀ ਕਿ ਗੁਰੂ ਸਾਹਿਬ ਜੀ ਦੀ ਚਰਨ ਸ਼ੋਹ ਪ੍ਰਾਪਤ ਧਰਤੀ ਨੂੰ ਕੀ ਹੋਈ ਜਾ ਰਿਹਾ ਹੈ।ਇਸ ਤੇ ਵੱਸਣ ਵਾਲਿਆਂ ਨੂੰ ਤਾਂ ਮਾਣ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਅਜਿਹਾ ਵਿਰਸਾ ਅਤੇ ਧਰਮ ਮੌਜੂਦ ਹਨ ਜਿਸ ਦੀਆਂ ਹਰ ਕੋਈ ਮਿਸਾਲਾਂ ਦਿੰਦਾ ਹੈ।ਅਜੇ ਥੋੜ੍ਹਾਂ ਸਮਾਂ ਹੀ ਹੋਇਆ ਹੈ ਕਿ ਪਿੰਡਾਂ ਵਿੱਚ ਸ਼ਰਾਬ ਜਾਂ ਹੋਰ ਨਸ਼ੇ ਦਾ ਸੇਵਨ ਕਰਨ ਵਾਲੇ ਨੂੰ ਕੋਈ ਚੰਗੀ ਤਰ੍ਹਾਂ ਨਹੀਂ ਸੀ ਬੁਲਾਉਂਦਾ।ਉਸ ਨੁੰ ਕਈ ਫਿਟਕਾਰਾਂ ਪੈਂਦੀਆਂ ਸਨ।ਅਮਲੀ ਦਾ ਰਿਸ਼ਤਾ ਜਾਂ ਵਿਆਹ ਹੋਣਾ ਨਹੁਤ ਮੁਸ਼ਕਿਲ ਗੱਲ ਸੀ। ਕੁਝ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਪਿੰਡ ਦੀ ਇੱਕ ਬੀਬੀ ਘਰ ਨੂੰ ਆਈ ਤੇ ਗੱਲ ਕਰਨ ਲੱਗੀ ਕਿ ਕਿਸੇ ਦਾ ਮੁੰਡਾ ਸਿਗਰੇਟ ਪੀਂਦਾ ਦੇਖਿਆ ਗਿਆ ਹੈ ਤਾਂ ਉਸ ਦੇ ਬਾਪੂ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ।ਇਸ ਤਰ੍ਹਾਂ ਕਿਸੇ ਕਿਸਮ ਦਾ ਨਸ਼ਾ ਕਰਨ ਵਾਲੇ ਦੀ ਸਾਡੇ ਸੱਭਿਆਚਾਰ ਵਿੱਚ ਕੋਈ ਜਗ੍ਹਾ ਨਹੀਂ ਸੀ।
ਪਰ ਹੁਣ ਤਾਂ ਨਸ਼ਾ ਇੱਕ ਫੈਸ਼ਨ ਹੀ ਬਣ ਗਿਆ ਹੈ। ਜਿਹੜਾ ਨਸ਼ਾ ਨਹੀਂ ਕਰਦਾ,ਉਸ ਨੂੰ ਬੰਦਾ ਨਹੀਂ ਸਮਝਿਆ ਜਾਂਦਾ।ਪਾਰਟੀਆਂ ਵਿੱਚ, ਵਿਆਹ ਸ਼ਾਦੀਆਂ ਵਿੱਚ ਸ਼ਰਾਬ ਨਾ ਹੋਵੇ ਤਾਂ ਲੋਕ ਵਿਆਹ ਜਾਂ ਪਾਰਟੀ ਵਾਲਿਆਂ ਨੂੰ ਗਾਲ੍ਹਾਂ ਕੱਢ-ਕੱਢ ਜਾਂਦੇ ਹਨ।ਸਾਡੇ ਸਾਫ ਸੁਥਰੇ ਸੱਭਿਆਚਾਰ ਨੂੰ ਕਿਸ ਤਰ੍ਹਾਂ ਗੰਧਲਾ ਕਰ ਦਿੱਤਾ ਗਿਆ ਹੈ।ਜਿਹੜੇ ਸਿੱਖ ਆਪਣੇ ਉੱਚੇ ਆਚਰਣ ਅਤੇ ਉੱਚੇ ਸੁੱਚੇ ਜੀਵਨ ਕਰਕੇ ਜਾਣੇ ਜਾਂਦੇ ਸਨ ਉਹ ਹੁਣ ਆਪਣੇ ਮਾੜੇ ਕਾਰਨਾਮਿਆਂ ਕਰਕੇ ਜਾਣੇ ਜਾਂਦੇ ਹਨ।ਕਦੇ ਆਪ ਜੀ ਨੇ ਸੋਚਿਆ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ? ਬਾਕੀ ਰਾਜਾਂ ਦਾ ਇੰਨਾਂ ਮਾੜਾ ਹਾਲ ਕਿਉਂ ਨਹੀਂ? ਸਿਰਫ ਪੰਜਾਬ ਹੀ ਇਸ ਕੁਰੀਤ ਦੇ ਵਿੱਚ ਅੱਵਲ ਕਿੳੇੁਂ?
ਇਹ ਸਭ ਕੁਝ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ।ਜਦੋਂ ਤੋਂ ਸਿੱਖ ਧਰਮ ਨੇ ਜਨਮ ਲਿਆ ਹੈ, ਉਦੋਂ ਤੋਂ ਹੀ ਸਿੱਖੀ ਦੇ ਦੁਸ਼ਮਣਾਂ ਦੀ ਇਸ ਤੇ ਅੱਖ ਰਹੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਸਿੱਖੀ ਦੇ ਬੂਟੇ ਨੂੰ ਜੜ੍ਹੋਂ ਪੁੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਇਨ੍ਹਾਂ 500 ਸਾਲਾਂ ਵਿੱਚ ਦੁਸ਼ਮਣ ਨੇ ਇਹ ਦੇਖ ਲਿਆ ਹੈ ਕਿ ਸਿੱਖਾਂ ਨੂੰ ਸ਼ਰੀਰਕ ਤੌਰ ਤੇ ਖਤਮ ਕਰਨ ਦਾ ਕੋਈ ਫਾਇਦਾ ਨਹੀਂ ਕਿਉਂ ਕਿ ਇਹ ਫਿਰ ਦੂਣੇ ਚੌਗਣੇ ਹੋ ਜਾਂਦੇ ਹਨ।ਇਹ ਸਭ ਕੁਝ ਉਨ੍ਹਾਂ ਨੇ ਗੁਰੂ ਸਾਹਿਬਾਨਾਂ ਦੌਰਾਨ ਲੜਾਈਆਂ ਵਿੱਚ, ਛੋਟੇ- ਵੱਡੇ ਘੱਲੂਘਾਰੇ, 1984 ਦੇ ਘੱਲੂਘਾਰੇ ਦੌਰਾਨ ਵੀ ਕਰ ਕੇ ਦੇਖ ਲਿਆ ਹੈ। ਉਨ੍ਹਾਂ ਸਮਝ ਲਿਆ ਹੈ ਕਿ ਸਿੱਖਾਂ ਨੂੰ ਮਾਨਸਿਕ ਤੌਰ ਤੇ ਖਤਮ ਕੀਤਾ ਜਾਵੇ ਤਾਂ ਹੀ ਇਨ੍ਹਾਂ ਦਾ ਖਾਤਮਾ ਹੋ ਸਕਦਾ ਹੈ।ਸਿੱਖਾਂ ਨੂੰ ਗੁਰੂ ਸ਼ਬਦ ਤੋਂ ਦੂਰ ਕਰਨ ਲਈ ਉਨਹਾਂ ਨੇ ਨਸ਼ਿਆਂ ਨੂੰ ਪੰਜਾਬ ਦੇ ਕੋਨੇ ਕੋਨੇ ਵਿੱਚ ਖਿਲਾਰ ਦਿੱਤਾ ਹੈ ਅਤੇ ਪੰਜਾਬ ਦੇ ਸਿੱਖ ਇਸ ਨੂੰ ਛਕ ਕੇ ਆਪਣੀ ਬੁੱਧੀ ਭ੍ਰਸ਼ਟ ਕਰ ਰਹੇ ਹਨ ਅਤੇ ਸਿੱਖੀ ਤੋਂ ਦੂਰ ਹੋ ਰਹੇ ਹਨ। ਇਨ੍ਹਾਂ ਨਸ਼ਿਆਂ ਦੇ ਕਾਰਣ ਹੀ ਪੰਜਾਬ ਵਿੱਚ ਬਲਾਤਕਾਰ, ਚੋਰੀ ਆਦਿ ਦੀਆਂ ਘਟਨਾਵਾ ਵੀ ਹੱਦੋਂ ਵੱਧ ਰਹੀਆਂ ਹਨ ਕਿਉਂਕਿ ਨਸ਼ਿਆਂ ਦੇ ਉਪਯੋਗ ਕਾਰਣ ਦਿਮਾਗ ਕਾਬੂ ਵਿੱਚ ਨਹੀਂ ਰਹਿੰਦਾ ਅਤੇ ਮਾੜੇ ਕੰਮਾਂ ਵੱਲ ਨੂੰ ਵੱਧਦਾ ਹੈ।
ਹੁਣ ਸਵਾਲ ਉੱਠਦਾ ਹੈ ਕਿ ਕੀ ਕੀਤਾ ਜਾਵੇ? ਜਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਆਪ ਇਸ ਨਾ ਮੁਰਾਦ ਬਿਮਾਰੀ ਨੂੰ ਪੰਜਾਬ ਕੀ ਹਰ ਜਗ੍ਹਾਂ ਤੋਂ ਬਾਹਰ ਕੱਢਣ ਲਈ ਵਚਨਬੱਧ ਹੋਵੇ।ਆਪਣੇ ਆਲੇ ਦੁਆਲੇ,ਦੋਸਤਾਂ ਮਿੱਤਰਾਂ ਨੂੰ ਇਸ ਤੋਂ ਦੂਰ ਕਰਨ ਦਾ ਪ੍ਰਣ ਕਰੇ ਅਤੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਲੜ ਲੱਗੇ।