Press Releases
We haven’t given any statement on Attacks on Indian Students in Melbourne. Those who have read the news in Daily Ajit, We clarify that Our Names were wrongly put in the newspaper justifying the KKK Cartoon used in some Indian newspaper for Vic Police. We have never given any statement that Australia in not safe to live.
Harkirat Singh Ajnoha
Gen.Secretary
ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ(ਮੈਲਬੌਰਨ) ਦੀ ਪ੍ਰਬੰਧਕੀ ਕਮੇਟੀ ਦੀ ਚੋਣ ਸੰਪੰਨ
ਮੈਲਬੌਰਨ: 31 ਜਨਵਰੀ 2010
ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ (ਮੈਲਬੌਰਨ) ਦੀ ਸਾਲਾਨਾ ਇਕੱਤਰਤਾ ਸ੍ਰੀ ਗੁਰੁ ਸਿੰਘ ਸਭਾ ਗੁਰੂਦੁਆਰਾ ਕਰੇਗੀਬਰਨ ਵਿਖੇ ਸੰਪੰਨ ਹੋਈ ਜਿਸ ਵਿੱਚ ਭਵਿੱਖ ਵਿੱਚ ਹੋਣ ਵਾਲੇ ਸਮਾਗਮਾਂ ਬਾਰੇ ਵੀਚਾਰ ਵਟਾਂਦਰਾ ਕੀਤਾ ਗਿਆ ਅਤੇ ਅਗਲੇ ਸਾਲ ਲਈ ਪ੍ਰਬੰਧਕੀ ਕਮੇਟੀ ਦੀ ਚੋਣ ਕੀਤੀ ਗਈ। ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੀ ਪਿਛਲੇ ਸਾਲ ਦੀ ਕਾਰਗੁਜ਼ਾਰੀ ਵੇਖਦੇ ਹੋਏ ਲਗਾਤਰ ਤੀਸਰੇ ਸਾਲ ਸ: ਜਸਪ੍ਰੀਤ ਸਿੰਘ ਨੂੰ ਪ੍ਰਧਾਨ ਅਤੇ ਸ: ਹਰਕੀਰਤ ਸਿੰਘ ਅਜਨੋਹਾ ਨੂੰ ਸਕੱਤਰ ,ਸ: ਸੁਖਰਾਜ ਸਿੰਘ ਸੰਧੂ ਨੂੰ ਖਜ਼ਾਨਚੀ ਦਾ ਆਹੁਦਾ ਸੌਂਪਿਆ ਗਿਆ ਹੈ। ਸ: ਇੰਦਰਬੀਰ ਸਿੰਘ ਨੂੰ ਮੀਤ ਪ੍ਰਧਾਨ, ਸ: ਮਨਦੀਪ ਸਿੰਘ ਨੂੰ ਸਹਾਇਕ ਸਕੱਤਰ ਅਤੇ ਸ: ਵਿਵੇਕ ਸਿੰਘ ਨੂੰ ਸਹਾਇਕ ਖਜ਼ਾਨਚੀ ਦਾ ਆਹੁਦਾ ਦਿੱਤਾ ਗਿਆ ਹੈ।ਬਾਕੀ ਮੈਂਬਰਾਂ ਵਿੱਚ ਸ:ਜਗਦੀਪ ਸਿੰਘ, ਸ: ਅਕਾਸ਼ਦੀਪ ਸ਼ਿੰਘ, ਸ: ਤਰਸੇਮ ਸਿੰਘ, ਸ: ਪ੍ਰਭਜੋਤ ਸਿੰਘ ਅਤੇ ਸ: ਸੁਰੰਿਦਰ ਸਿੰਘ ਨੂੰ ਲਿਆ ਗਿਆ ਹੈ। ਇਸ ਚੋਣ ਦੌਰਾਨ ਸ: ਰਣਜੀਤ ਸਿੰਘ ਸ਼ੇਰਗਿੱਲ, ਸ: ਚਰਨਜੀਤ ਸਿੰਘ, ਸ: ਗੁਰਤੇਜ ਸਿੰਘ ਅਤੇ ਹੋਰ ਕਈ ਮੈਂਬਰ ਮੌਜੂਦ ਸਨ।ਇਸ ਦੌਰਾਨ ਫੈਸਲਾ ਕੀਤਾ ਗਿਆ ਕਿ ਜਲਦ ਹੀ ਗਤਕੇ ਦੀਆਂ ਕਲਾਸਾਂ, ਦਸਤਾਰ ਮੁਕਾਬਲਾ ਅਤੇ ਗੁਰਮਤਿ ਮੁਕਾਬਲੇ ਕਰਵਾਏ ਜਾਣਗੇ। ਅਪ੍ਰੈਲ ਵਿੱਚ ਸ: ਫੌਜਾ ਸਿੰਘ ਜੀ ਸ਼ਹੀਦ ਅਤੇ ਬਾਕੀ ਸਿੰਘਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ।
ਸਿੱਖ ਫੇਡਰੇਸ਼ਨ ਆਫ ਆਸਟ੍ਰੇਲੀਆ(ਮੈਲਬੌਰਨ) ਦਾ ਸਾਲਾਨਾ ਇਜਲਾਸ 31 ਨੂੰ
ਮੈਲਬੌਰਨ: (27 ਜਨਵਰੀ 2010)
ਆਸਟ੍ਰੇਲੀਆ ਵਿੱਚ ਸਿੱਖੀ ਪ੍ਰਚਾਰ ਅਤੇ ਸਿੱਖ ਹੱਕਾਂ ਲਈ ਤਤਪਰ ਸੰਸਥਾ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੀ ਮੈਲਬੌਰਨ ਇਕਾਈ ਦਾ ਸਾਲਾਨਾ ਇਜਲਾਸ 31 ਜਨਵਰੀ ਦਿਨ ਐਤਵਾਰ ਨੂੰ ਰੱਖਿਆ ਗਿਆ ਹੈ।ਇਹ ਇਜਲਾਸ ਸ਼੍ਰੀ ਗੁਰੂ ਸਿੰਘ ਸਭਾ ਗੁਰੂਦੁਆਰਾ ਕਰੇਗੀਬਰਨ ਵਿਖੇ ਦੁਪਹਿਰ 2 ਵਜੇ ਹੋਵੇਗਾ। ਪਿਛਲੇ ਸਾਲ ਵਿੱਚ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵਲੋਂ ਪ੍ਰਾਪਤ ਕੀਤੀਆਂ ਗਈਆਂ ਉਪਲਬਧੀਆਂ ਅਤੇ ਭਵਿੱਖ ਵਿੱਚ ਆਉਣ ਵਾਲੇ ਸਮਾਗਮਾਂ ਬਾਰੇ ਵੀਚਾਰ ਵਿਟਾਂਦਰਾ ਕੀਤਾ ਜਾਵੇਗਾ। ਸਾਰੇ ਸਾਲ ਦੇ ਹਿਸਾਬ-ਕਿਤਾਬ ਦੇ ਨਾਲ ਨਾਲ ਇਕਾਈ ਦੀ ਨਵੀਂ ਪ੍ਰਬੰਧਕੀ ਕਮੇਟੀ ਦੀ ਵੀ ਚੋਣ ਕੀਤੀ ਜਾਵੇਗੀ।ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਇਸ ਇੱਕਤਰਤਾ ਵਿੱਚ ਹਾਜ਼ਰੀ ਲਗਵਾਉਣ ਅਤੇ ਆਪਣੇ ਵੀਚਾਰ ਪੇਸ਼ ਕਰਨ।
ਜਾਰੀ ਕਰਤਾ
ਸ: ਹਰਕੀਰਤ ਸਿੰਘ ਅਜਨੋਹਾ
ਸਕੱਤਰ
ਸਿੱਖ ਫੇਡਰੇਸ਼ਨ ਆਫ ਆਸਟ੍ਰੇਲੀਆ(ਮੈਲਬੌਰਨ)
ਸਿੱਖ ਬੀਬੀ ਨੁੰ ਵਾਪਿਸ ਭੇਜਣਾ ਅਤਿ ਮੰਦਭਾਦਾ- ਸਿੱਖ ਫੇਡਰੇਸ਼ਨ ਆਫ ਆਸਟ੍ਰੇਲੀਆ
ਮੈਲਬੌਰਨ: 18 ਜਨਵਰੀ 2010
ਪਿਛਲੇ ਦਿਨੀਂ ਨਿਊਜ਼ੀਲੈਂਡ ਦੀ ਰਹਿਣ ਵਾਲੀ ਸਿੱਖ ਬੀਬੀ ਸ਼ੁਭਨੀਤ ਕੌਰ ਅਤੇ ਉਨ੍ਹਾਂ ਦੇ 2 ਸਾਲਾ ਸਪੁੱਤਰ ਨੂੰ ਕਾਲੀ ਸੂਚੀ ਦੀ ਆੜ ਹੇਠ ਭਾਰਤ ਤੋਂ ਨਿਊਜ਼ੀਲੈਂਡ ਵਾਪਿਸ ਭੇਜ ਕੇ ਭਾਰਤ ਸਰਕਾਰ ਨੇ ਸਿੱਖਾਂ ਦੇ ਜਖਮਾ ਨੂੰ ਮੁੜ ਕੁਰੇਦਿਆ ਹੈ। ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਅਤੇ ਕਿਸੇ ਬੇਦੋਸ਼ੇ ਨੂੰ ਗਲਤ ਇਲਜ਼ਾਮ ਲਗਾ ਕੇ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਅਤਿ ਮੰਦਭਾਗੀ ਹੈ। ਇਹ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਫੇਡਰੇਸ਼ਨ ਆਫ ਆਸਟ੍ਰੇਲੀਆ ਦੇ ਆਗੂਆਂ ਨੇ ਕਿਹਾ ਕਿ ਨਿਰਦੋਸ਼ ਬੀਬੀ ਨੂੰ ਮਾਨਸਿਕ ਤੇ ਆਰਥਿਕ ਤੌਰ ਤੇ ਪਰੇਸ਼ਾਨ ਕਰਨ, ਕਾਨੂੰ ਦੀਆਂ ਧੱਜੀਆਂ ਉਡਾਉਣ ਅਤੇ ਸਿੱਖਾਂ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਸਜ਼ਾ ਦਿੱਤੀ ਜਾਵੇ । ਮੈਲਬੌਰਨ ਤੋਂ ਪ੍ਰਧਾਨ ਸ: ਜਸਪ੍ਰੀਤ ਸਿੰਘ, ਸਕੱਤਰ ਸ: ਹਰਕੀਰਤ ਸਿੰਘ ਅਜਨੋਹਾ, ਖਜ਼ਾਨਚੀ ਸ: ਸੁਖਰਾਜ ਸਿੰਘ ਸੰਧੂ, ਸਾਊਥ ਆਸਟ੍ਰੇਲੀਆ ਤੋਂ ਸ: ਅਜੀਤ ਸਿੰਘ, ਸ: ਰੁਪਿੰਦਰ ਸਿੰਘ ਨੇ ਕਿਹਾ ਕਿ ਇਹ ਬੀਬੀ ਪਿਛਲੇ ਸਾਲਾਂ ਵਿੱਚ ਪੰਜਾਬ ਗੇੜਾ ਮਾਰ ਚੁੱਕੀ ਹੈ ਅਤੇ ਇੱਕ ਘਰੇਲੂ ਸਿੱਖ ਬੀਬੀ ਹੈ, ਉਸ ਕੋਲ ਭਾਰਤ ਆਣ ਜਾਣ ਦਾ ਵੀਜ਼ਾ ਵੀ ਸੀ ਪਰ ਉਸ ਤੇ ਇਹ ਗਲਤ ਇਲਜ਼ਾਮ ਲਾਉਣੇ ਬਿਲਕੁਲ ਠੀਕ ਨਹੀਂ। ਭਾਰਤੀ ਸੰਵਿਧਾਨ ਵਿੱਚ ਸੱਤ ਸਾਲ ਤੋਂ ਛੋਟੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦਾ ਅਪਰਾਧੀ ਨਹੀਂ ਮੰਨਿਆਂ ਜਾਂਦਾ ਪਰ ਇਸ ਦੋ ਸਾਲ ਦੇ ਬੱਚੇ ਨੁੰ ਉਨ੍ਹਾਂ ਅਪਰਾਧੀ ਸਿੱਧ ਕਰਕੇ ਆਪ ਹੀ ਭਾਰਤੀ ਕਾਨੂੰਨ ਦਾ ਮਜ਼ਾਕ ਉਡਾਇਆ ਹੈ।ਉਨ੍ਹਾਂ ਕਿਹਾ ਕਿ ਸਾਰਾ ਸਿੱਖ ਜਗਤ ਇਸ ਮੰਦਭਾਗੀ ਕਾਰਵਾਈ ਨਾਲ ਚਿੰਤਤ ਹੈ ਅਤੇ ਹਿੰਦੋਸਤਾਨ ਦੇ ਸਿੱਖ ਪ੍ਰਧਾਨ ਮੰਤਰੀ ਤੋਂ ਮੰਗ ਕਰਦਾ ਹੈ ਕਿ ਕਾਲੀਆਂ ਸੂਚੀਆਂ ਜਲਦ ਤੋਂ ਜਲਦ ਖਤਮ ਕੀਤੀਆਂ ਜਾਣ।
ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵਲੋਂ ਸ਼ਹੀਦੀ ਸਮਾਗਮ
ਮੈਲਬੌਰਨ: 7 ਜਨਵਰੀ 2010:
ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ (ਮੈਲਬੌਰਨ) ਵਲੋਂ ਸ਼੍ਰੀ ਗੁਰੂ ਸਿੰਘ ਸਭਾ ਗੁਰੂਦੁਆਰਾ ਸਾਹਿਬ ਕਰੇਗੀ ਬਰਨ ਦੇ ਸਹਿਯੋਗ ਨਾਲ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕਈ ਬੁਲਾਰਿਆਂ ਨੇ ਆਪਣੇ ਵੀਚਾਰ ਰੱਖੇ ਅਤੇ ਸ਼ਹੀਦਾਂ ਨੂੰ ਸ਼ਰਧਾਝਲੀ ਭੇਟ ਕੀਤੀ। ਸਮਾਗਮ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਨਾਲ ਕੀਤੀ ਗਈ। ਭਾਈ ਸਤਵਿੰਦਰ ਸਿੰਘ ਜੀ ਅਤੇ ਸਾਥੀ ਜੱਥਾ ਮਾਛੀਵਾੜੇ ਵਾਲਿਆਂ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਭਾਈ ਦਵਿੰਦਰ ਸਿੰਘ ਨੇ ਸ਼ਹੀਦ ਪਰਿਵਾਰਾਂ ਦੀ ਅਜੋਕੀ ਹਾਲਤ ਤੇ ਆਪਣੇ ਵਲੋਂ ਲਿਖੀ ਗਈ ਕਵਿਤਾ ਦਾ ਗਾਇਨ ਕੀਤਾ। ਉਨ੍ਹਾਂ ਤੋਂ ਬਾਦ ਸ: ਸੁਰਿੰਦਰ ਸਿੰਘ ਨੇ ਬਾਪੂ ਪ੍ਰੀਤਮ ਸਿੰਘ ਪ੍ਰੇਮ ਸਿੰਘਾਂ ਪੁਰੀ ਦੀ ਲਿਖੀ ਹੋਈ ਕਵਿਤਾ ਨਾਲ 1984 ਘੱਲੂਘਾਰੇ ਦਾ ਵਰਨਣ ਕੀਤਾ। ਸ: ਗੁਰਬਖਸ਼ ਸਿੰਘ ਬੈਂਸ, ਸ: ਮਨਮੋਹਨ ਸਿੰਘ ਕਵੀਸ਼ਰ ਅਤੇ ਸ: ਬਲਦੀਪ ਸਿੰਘ ਦੇ ਕਵੀਸ਼ਰੀ ਜੱਥੇ ਨੇ ਸੰਗਤਾਂ ਨੂੰ ਸ: ਸਤਵੰਤ ਸਿੰਘ ਅਤੇ ਸ: ਕੇਹਰ ਸਿੰਘ ਦੇ ਜੀਵਨ ਨਾਲ ਸੰਬੰਧਿਤ ਵਾਰਾਂ ਸੁਣਾ ਕੇ ਨਿਹਾਲ ਕੀਤਾ। ਉਪਰੰਤ ਸ: ਹਰਕੀਰਤ ਸਿੰਘ ਅਜਨੋਹਾ,ਸਕੱਤਰ, ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ(ਮੈਲਬੌਰਨ) ਨੇ ਸੰਗਤਾਂ ਨੂੰ ਅਜੋਕੇ ਕਈ ਸਿੱਖ ਮਸਲਿਆ ਤੌਂ ਜਾਣੂੰ ਕਰਵਾਇਆ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਦੇ ਸਕੱਤਰ ਸ:ਸਤਨਾਮ ਸਿੰਘ ਪਾਬਲਾ ਨੇ ਸੰਗਤਾਂ ਨੂੰ ਸ਼ਹੀਦਾਂ ਬਾਰੇ ਜਾਣਕਾਰੀ ਦਿੰਦੇ ਹੋਏ ਅਗਾਂਹ ਆਉਣ ਵਾਲੇ ਪ੍ਰੋਗਰਾਮਾਂ ਤੋਂ ਜਾਣੂ ਕਰਵਾਇਆ।
ਆਸਟ੍ਰੇਲੀਆ ਦੀ ਸਿੱਖ ਸੰਗਤ ਵਲੋਂ ਨਵਾਂ ਆਰ.ਐੱਸ.ਐੱਸ ਕੈਲੰਡਰ ਰੱਦ
ਸਰਬ ਪ੍ਰਵਾਨਿਤ ਪੁਰਾਣਾ ਨਾਨਕਸ਼ਾਹੀ ਕੈਲੰਡਰ ਹੀ ਮੰਨਿਆ ਜਾਵੇਗਾ
ਮੈਲਬੌਰਨ: 6 ਜਨਵਰੀ 2010
3 ਜਨਵਰੀ ਦਿਨ ਐਤਵਾਰ ਨੂੰ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਕਮੇਟੀ ਨੇ ਆਰ.ਐੱਸ.ਐੱਸ, ਸੰਤ ਸਮਾਜ ਅਤੇ ਬਾਦਲ ਦੀ ਸ਼ਹਿ ‘ਤੇ ਸਰਬ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਵਿੱਚ ਫੇਰ ਬਦਲ ਕਰਕੇ ਸਿੱਖ ਕੌਮ ਨਾਲ ਗੱਦਾਰੀ ਸਿੱਧ ਕਰ ਦਿੱਤੀ ਹੈ ਅਤੇ ਇੱਕ ਹੋਰ ਦਿਨ ਸਿੱਖ ਕੌਮ ਦੇ ਇਤਿਹਾਸ ਵਿੱਚ ਕਾਲੇ ਦਿਨ ਵਜੋਂ ਲਿਖਿਆ ਗਿਆ ਹੈ।ਸਿੱਖ ਕੌਮ ਇਸ ਅਤਿ ਮੰਦਭਾਗੇ ਕੰਮ ਅਤੇ ਨਵੇਂ ਬਣੇ ਕੈਲੰਡਰ ਨੂੰ ਕਿਸੇ ਵੀ ਪੱਖ ਤੋਂ ਸਵੀਕਾਰ ਨਹੀਂ ਕਰੇਗੀ। ਖਾਸ ਕਰਕੇ ਬਾਹਰ ਵੱਸਦੇ ਜਾਗਰੂਕ ਸਿੱਖ ਇਸ ਮਿਲ ਗੋਭੇ ਵਾਲੇ ਮੱਕੜ-ਧੁੰਮਾ ਕੈਲੰਡਰ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਨਗੇ ਅਤੇ ਸਾਰੇ ਦਿਹਾੜੇ ਪੁਰਾਣੇ ਕੈਲੰਡਰ ਮੁਤਾਬਿਕ ਹੀ ਮਨਾਉਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਮੈਲਬੌਰਨ ਦੇ ਪ੍ਰਧਾਨ ਸ: ਜਸਪ੍ਰੀਤ ਸਿੰਘ, ਸਕੱਤਰ ਸ: ਹਰਕੀਰਤ ਸਿੰਘ ਅਜਨੋਹਾ, ਖਜਾਨਚੀ ਸ: ਸੁਖਰਾਜ ਸਿੰਘ ਸੰਧੂ, ਸ: ਮਨਦੀਪ ਸਿੰਘ, ਸ੍ਰ੍ਰੀ ਗੁਰੂ ਸਿੰਘ ਸਭਾ ਕਰੇਗੀ ਬਰਨ ਤੋਂ ਪ੍ਰਧਾਨ ਸ: ਫੁਲਵਿੰਦਰ ਸਿੰਘ ਗਰੇਵਾਲ, ਸਕੱਤਰ ਸ: ਸਤਨਾਮ ਸਿੰਘ ਪਾਬਲਾ, ਗੁਰੂਦੁਆਰਾ ਸਾਹਿਬ ਰਿਵਸਬੀ ਤੋਂ ਸ: ਜਤਿੰਦਰ ਸਿੰਘ ਮੂਣਕ, ਸਾਊਥ ਆਸਟ੍ਰੇਲੀਆ ਤੋਂ ਸ: ਅਜੀਤ ਸਿੰਘ, ਸ: ਰੁਪਿੰਦਰ ਸਿੰਘ, ਸਿਡਨੀ ਤੋਂ ਸ: ਮਨਜੀਤ ਸਿੰਘ ਪੁਰੇਵਾਲ, ਸ: ਜਸਪਾਲ ਸਿੰਘ, ਸ: ਕਮਲਜੀਤ ਸਿੰਘ ਜੰਡੀ, ਸ: ਤਰਲੋਕ ਸਿੰਘ, ਪਰਥ ਤੋਂ ਸ: ਅਮਨਦੀਪ ਸਿੰਘ, ਸ: ਦਲਵਿੰਦਰ ਸਿੰਘ ਆਦਿ ਨੇ ਕਿਹਾ ਕਿ ਮੱਕੜ ਜੁੰਡਲੀ ਨੇ ਇਹ ਫੈਸਲਾ ਕਰਕੇ ਪੰਥ ਦੇ ਦੁਸ਼ਮਣਾਂ ਵਿੱਚ ਆਪਣਾ ਨਾਂ ਪੱਕਾ ਕਰਵਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਇਸ ਜੁੰਡਲੀ ਨੇ ਆਰ.ਐੱਸ. ਐੱਸ ਦੀ ਸ਼ਹਿ ਤੇ ਪੰਥ ਨੂੰ ਦੋਫਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਕਦੇ ਮਾਫ ਕਰਨ ਯੋਗ ਨਹੀਂ ਹੈ।
ਉਨ੍ਹਾਂ ਕਿਹਾ ਕਿ ਖਾਲਸੇ ਦੇ ਦਿਹਾੜੇ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਹੀ ਚਲੱਣਗੇ ਅਤੇ ਖਾਲਸੇ ਦਾ ਦਿਨ ਪੁਰਾਣੇ ਕੈਲੰਡਰ ਅਨੁਸਾਰ ਸ਼੍ਰੀ ਹਰਿਮੰਦਰ ਸਾਹਿਬ ਤੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਪੈਣ ਨਾਲ ਹੀ ਸ਼ੁਰੂ ਹੋਵੇਗਾ।ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖਾ ਦੀ ਵੱਖਰੀ ਪਹਿਚਾਣ ਦਾ ਪ੍ਰਤੀਕ ਹੈ ਪਰ ਇਹ ਗੱਲ ਹਿੰਦੂਵਾਦੀ ਸੰਗਠਨਾਂ ਨੂੰ ਨਹੀਂ ਭਾਉਂਦੀ, ਇਸ ਲਈ ਉਨ੍ਹਾਂ ਆਪਣਾ ਜੋਰ ਪਾ ਕੇ ਇਸ ਕੈਲੰਡਰ ਦੇ ਵਿੱਚ ਕੁਝ ਫੇਰ ਬਦਲ ਕਰਕੇ ਇਸ ਨੂੰ ਮੁੜ ਬਿਕ੍ਰਮੀ ਕੈਲੰਡਰ ਦੀ ਕਾਰਬਨ ਕਾਪੀ ਬਣਾ ਦਿੱਤਾ ਹੈ।ਨਾਨਕਸ਼ਾਹੀ ਕੈਲੰਡਰ ਸ: ਪਾਲ ਸਿੰਘ ਕਨੇਡੀਅਨ ਅਤੇ ਹੋਰ ਵਿਦਵਾਨਾਂ ਦੀ ਅਣਥੱਕ ਮਿਹਨਤ ਦਾ ਫਲ ਸੀ ਜਿਨ੍ਹਾ ਨੂੰ ਕਮੇਟੀ ਨੇ ਫੇਰ ਬਦਲ ਕਰਨ ਲੱਗਿਆਂ ਸੰਪਰਕ ਵੀ ਨਹੀਂ ਕੀਤਾ। ਉਨ੍ਹਾਂ ਸ: ਸੁਖਦੇਵ ਸਿੰਘ ਭੌਰ, ਬੀਬੀ ਰਵਿੰਦਰ ਕੌਰ ਅਤੇ ਸ: ਕਰਨੈਲ ਸਿੰਘ ਪੰਜੋਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਵਾਕ ਆਊਟ ਕਰਕੇ ਆਪਣਾ ਫਰਜ਼ ਪੂਰਾ ਕੀਤਾ ਹੈ ਅਤੇ ਆਪਣਾ ਨਾਂ ਤੇ ਇਹ ਕਲੰਕ ਲਗਵਾਉਣ ਤੋਂ ਉਹ ਬਚ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਮੈਂਬਰਾਂ ਤੋਂ ਇਲਾਵਾ ਕੋਈ ਵੀ ਮੈਂਬਰ ਆਸਟ੍ਰੇਲੀਆ ਆਉਂਦਾ ਹੈ ਤਾਂ ਉਸ ਤੋਂ ਇਸ ਸੰਬੰਧੀ ਜਵਾਬ ਪੁੱਛਿਆ ਜਾਵੇਗਾ ਅਤੇ ਉਨ੍ਹਾਂ ਸਾਰੀ ਦੁਨੀਆਂ ‘ਚ ਵੱਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਵੀ ਭਵਿੱਖ ‘ਚ ਐਸ. ਜੀ. ਪੀ. ਸੀ. ਤੋ ਂ ਵਿਦੇਸ਼ਾਂ ਦਾ ਦੌਰਾ ਕਰਨ ਆਏ ਹਰ ਮੈਂਬਰ ਨੂੰ ਜਵਾਬ ਦੇਹ ਕਰਨ।